ਬਹੁਤ ਹੀ ਸਤਿਕਾਰਯੋਗ ਤੇ ਮੇਰੇ ਪਿਆਰਿਓ,
ਜ਼ਿੰਦਗੀ ਵਿੱਚ ਕਦੋਂ ਕੁਝ ਸੁਖਾਵਾਂ ਜਾਂ ਅਣਸੁਖਾਵਾਂ ਵਾਪਰ ਜਾਏ ਕੋਈ ਨਹੀਂ ਜਾਣਦਾ। ਸਾਡੇ ਨਾਲ ਕੁਝ ਬੁਰਾ ਹੋ ਜਾਏ, ਕੋਈ ਘਟਨਾ ਘੱਟ ਜਾਏ ਤਾਂ ਅਸੀਂ ਨਿਰਾਸ਼ਾ ਦੇ ਆਲਮ ਚ ਜਾ ਪੈਂਦੇ ਹਾਂ ਪਰ ਕਈ ਘਟਨਾਵਾਂ ਸਮਾਜ ਸੁਧਾਰ ਦਾ ਕਾਰਨ ਵੀ ਬਣਦੀਆਂ ਹਨ ਤੇ ਇਹ ਘਟਨਾ ਮੇਰੇ ਪਰਿਵਾਰ ਨਾਲ ਪ੍ਰਤੱਖ ਰੂਪ ਵਿੱਚ ਵਾਪਰੀ। ਛੋਟਾ ਵੀਰ ਬਲਜੀਤ ਸਿੰਘ B Ed. ਕਰਨ ਉਪਰੰਤ ਆਪਣੇ ਵਿੱਦਿਅਕ ਪੱਖੋਂ ਪਛੜੇ ਇਲਾਕੇ ਵਿਚ ਜਿਗਰੀ ਦੋਸਤ (ਪ੍ਰਿੰਸੀਪਲ ਸੁਖਜਿੰਦਰ ਸਿੰਘ ਗਿੱਲ) ਨਾਲ ਮਿਲ ਕੇ ਸਕੂਲ ਖੋਲਣ ਲਈ ਉੱਚੀ ਸੋਚ ਰੱਖਦਾ ਸੀ। ਦੋਹਾਂ ਦੋਸਤਾਂ ਦਾ ਸੁਪਨਾ ਸੀ ਕਿ ਇਸ ਇਲਾਕੇ ਨੂੰ ਇਕ ਅਜਿਹੀ ਵਿੱਦਿਅਕ ਸੰਸਥਾ ਦਿੱਤੀ ਜਾਵੇ ਜੋ ਆਪਣੇ ਆਪ ਵਿੱਚ ਮਿਸਾਲ ਬਣੇ। ਏਥੋਂ ਪੜ੍ਹ ਲਿਖ ਕੇ ਵਿਦਿਆਰਥੀ ਜ਼ਿੰਦਗੀ ਚ ਕਿਸੇ ਉੱਚੇ ਮੁਕਾਮ ਤੇ ਖੜੇ ਹੋਣ । ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ, ਵੀਰ ਬਲਜੀਤ ਭਿਆਨਕ ਐਕਸੀਡੈਂਟ ਵਿੱਚ ਸਾਡੇ ਕੋਲੋਂ ਸਦਾ ਲਈ ਵਿੱਛੜ ਗਿਆ। ਉਹ ਤੇ ਸਰੀਰਕ ਤੌਰ ਤੇ ਤਾਂ ਸਾਡੇ ਕੋਲ਼ੋਂ ਵਿੱਛੜ ਗਿਆ ਪਰ ਉਸ ਦਾ ਸ. ਸੁਖਜਿੰਦਰ ਸਿੰਘ ਹੋਣਾ ਨਾਲ ਰਲ ਕੇ ਵੇਖਿਆ ਸੁਪਨਾ ਸਾਨੂੰ ਲਗਾਤਾਰ ਇਸ ਸੰਸਥਾ ਨੂੰ ਸ਼ੁਰੂ ਕਰਨ ਲਈ ਪ੍ਰੇਰ ਰਿਹਾ ਸੀ। ਫਿਰ ਅਸੀਂ ਸ. ਬਲਜੀਤ ਸਿੰਘ ਦੇ ਉਸ ਸੁਪਨੇ ਨੂੰ ਪੂਰਾ ਕਰਨ ਲਈ ਆਪਣਾ ਆਪ ਇਸ ਸੰਸਥਾ ਦੇ ਹਵਾਲੇ ਕਰ ਦਿੱਤਾ। ਤੇ ਅੱਜ ਮੈਂ ਉਸ ਦੇ ਸੁਪਨਿਆਂ ਨੂੰ ਪਰਵਾਜ ਦੇਂਦੇ ਇਲਾਕੇ ਦੇ ਕਈ ਬੱਚਿਆਂ ਨੂੰ ਜੀਵਨ ਵਿੱਚ ਸਫਲ ਹੋਣ ਦਾ ਸਕੂਨ ਮਹਿਸੂਸ ਕਰ ਰਿਹਾ ਹਾਂ ਅਤੇ ਆਪਣੇ ਵਿੱਛੜੇ ਭਰਾ ਦੀ ਆਤਮਾ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਵੀ ਕਰ ਰਿਹਾ ਹਾਂ।ਬੇਸ਼ੱਕ ਅਜੇ ਵਸੀਲਿਆਂ ਦੀ ਬਹੁਤ ਕਮੀ ਹੈ ਪਰ ਮਨ ਇਸ ਕੰਮ ਪ੍ਰਤੀ ਬਹੁਤ ਕੁਝ ਕਰਨਾ ਲੋਚਦਾ ਹੈ। ਇਹਨਾ ਬੱਚਿਆਂ ਚੋਂ ਸਾਨੂੰ ਬਲਜੀਤ ਸਿੰਘ ਦੀ ਰੂਹ ਅਸੀਸਾਂ ਦਿੰਦੀ ਦਿਸਦੀ ਹੈ। ਉਸ ਦੇ ਉਲੀਕੇ ਕਾਰਜ ਸਾਨੂੰ ਅੱਜ ਵੀ ਸਾਨੂੰ ਨਿਰੰਤਰ ਉਤਸ਼ਾਹਿਤ ਕਰਦੇ ਰਹਿੰਦੇ ਹਨ। ।
ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਕੂਲ ਨੂੰ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਆਪਣੇ ਇਲਾਕੇ ਦੇ ਬੱਚਿਆਂ ਦਾ ਮਿਆਰੀ ਪੜ੍ਹਾਈ ਰਾਹੀ ਜੀਵਨ ਪੱਧਰ ਉੱਚਾ ਚੁੱਕ ਸਕੀਏ। ਪ੍ਰਿਸੀਪਲ ਸੁਖਜਿੰਦਰ ਸਿੰਘ ਗਿੱਲ ਦਾ ਸਾਥ ਅਤੇ ਸੂਝਬੂਝ ਨਾਲ ਔਕੜਾਂ ਤੇ ਪਾਰ ਪਾਉਣ ਵਿੱਚ ਮਦਦ ਕਰਨਾ ਇਸ ਕਾਰਜ ਦੀ ਸਫਲਤਾ ਦਾ ਵੱਡਾ ਕਾਰਨ ਹੈ। ਮੇਰਾ ਇਹ ਦ੍ਰਿੜ ਇਰਾਦਾ ਹੈ ਕਿ ਬਲਜੀਤ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕਾਹਲਵਾਂ ਨਵੀਆਂ ਉਚਾਈਆਂ ਤੇ ਲੈ ਕੇ ਜਾਵਾਂ।
ਤੁਹਾਡੇ ਸਭ ਦੇ ਸਾਥ ਤੇ ਅਸੀਸਾਂ ਦੀ ਬੇਹੱਦ ਲੋੜ ਹੈ।